Loading Now

ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਇਸ ਨੌਜਵਾਨ ਨੇ ਚੁੱਕਿਆ ਅਹਿਮ ਕਦਮ

ਗੁਰਮੁਖੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਨੌਜਵਾਨ ਤੇ ਜਿੰਦਰ ਸਿੰਘ ਨੇ ਗੁਰਮੁਖੀ ਦੇ ਪ੍ਰਚਾਰ ਲਈ ਸਾਈਕਲ ਯਾਤਰਾ ਸ਼ੁਰੂ ਕੀਤੀ

ਪੰਜਾਬ ਵਿੱਚ ਹਰ ਸਾਲ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਅਤੇ ਲਿਖਣ ਵਾਲਿਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਪਤਾ ਨਹੀਂ ਕਿਉਂ ਅੱਜ ਦੇ ਉਤਪਾਦਕ ਯੁੱਗ ਵਿੱਚ ਸਾਡੀ ਮਾਂ-ਬੋਲੀ ਪੰਜਾਬੀ ਮੈਨੂੰ ਕਿਤੇ ਗੁਆਚਦੀ ਨਜ਼ਰ ਆ ਰਹੀ ਹੈ। ਸਾਡੀ ਮਾਂ-ਬੋਲੀ ਦਾ ਦਰਜਾ ਦੂਜੀਆਂ ਭਾਸ਼ਾਵਾਂ ਨੇ ਲੈ ਲਿਆ ਹੈ, ਜਿਨ੍ਹਾਂ ਵਿੱਚੋਂ ਇੰਗਲਿਸ਼ ਪ੍ਰਮੁੱਖ ਹੈ। ਵੱਖ-ਵੱਖ ਭਾਸ਼ਾ ਸ਼ੈਲੀਆਂ ਦਾ ਅਧਿਐਨ ਕਰਨਾ ਇੱਕ ਬਹੁਤ ਵਧੀਆ ਅਤੇ ਸਾਂਝ ਵਧਾਊ ਕਦਮ ਹੈ। ਪਰ ਇਸ ਖੇਡ ਵਿੱਚ ਮਾਂ ਨੂੰ ਹੀ ਭੁੱਲ ਜਾਣਾ ਜਾਂ ਮਾਂ-ਬੋਲੀ ਵਿੱਚ ਬੋਲਣ ’ਤੇ ਝਿਜਕ ਮਹਿਸੂਸ ਕਰਨਾ ਬਹੁਤ ਮਾੜਾ ਅਤੇ ਦੁਖਾਂਤਪੂਰਕ ਹੈ। ਜਿਸ ਨੂੰ ਲੈ ਕੇ ਮਾਨਸਾ ਦਾ ਨੌਜਵਾਨ ਤੇਜਿੰਦਰ ਸਿੰਘ ਪੰਜਾਬੀ ਮਾਤ ਭਾਸ਼ਾ ਨੂੰ ਸਮਾਜ ਵਿੱਚ ਜਿਉਂਦਾ ਰੱਖਣ ਲਈ ਪ੍ਰਚਾਰ ਕਰ ਰਹੇ ਹਨ। ਨੌਜਵਾਨ ਤੇਜਿੰਦਰ ਸਿੰਘ ਦਾ ਖਾਸ ਉਪਰਾਲਾ

ਗੁਰਮੁਖੀ ਪੰਜਾਬੀ ਮਾਂ-ਬੋਲੀ ਨੂੰ ਪਿਆਰ ਕਰਨ ਵਾਲਾ ਮਾਨਸਾ ਦਾ ਨੌਜਵਾਨ ਤੇਜਿੰਦਰ ਸਿੰਘ, ਜਿਸ ਨੇ ਗੁਰਮੁਖੀ ਦੇ ਪ੍ਰਚਾਰ ਦੇ ਲਈ ਪਹਿਲਾਂ ਜ਼ਿਲ੍ਹੇ ਦੇ ਪਿੰਡਾਂ ਵਿੱਚ ਸਕੂਲਾਂ ’ਚੋਂ ਜਾ ਕੇ ਪੰਜਾਬੀ ਦਾ ਪ੍ਰਚਾਰ ਕੀਤਾ ਅਤੇ ਬੱਚਿਆਂ ਨੂੰ ਫੱਟੀਆਂ ਦੇ ਉੱਪਰ ਸਿਆਹੀ ਦੇ ਨਾਲ ਪੰਜਾਬੀ ਲਿਖਣ ਦੇ ਲਈ ਪ੍ਰੇਰਿਤ ਕੀਤਾ। ਉਸ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੁੰਦਾ ਹੋਇਆ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਪ੍ਰਚਾਰ ਕਰਦਿਆਂ ਤੇਜਿੰਦਰ ਸਿੰਘ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਸਾਈਕਲ ਯਾਤਰਾ ਕਰਕੇ ਪੰਜਾਬੀ ਦਾ ਪ੍ਰਚਾਰ ਕੀਤਾ। ਅੱਜ ਵੀ ਇਸ ਨੌਜਵਾਨ ਵੱਲੋਂ ਪੰਜਾਬੀ ਦੇ ਪ੍ਰਚਾਰ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਨੌਜਵਾਨ ਵੱਲੋਂ ਪੰਜਾਬੀ ਗੁਰਮੁਖੀ ਭਾਸ਼ਾ ਦੇ ਬਹੁਤ ਸਾਰੇ ਡਿਜ਼ਾਇਨ ਤਿਆਰ ਕੀਤੇ ਗਏ ਹਨ। ਜਿਵੇਂ ਕਿ ਪੰਜਾਬੀ ਭਾਸ਼ਾ ਦੇ ਅੱਖਰਾਂ ਨੂੰ ਫੁਲਕਾਰੀਆਂ ਅਤੇ ਕੱਪੜੇ ਦੇ ਬੈਗਾਂ ਉੱਤੇ ਡਿਜ਼ਾਇਨ ਕੀਤਾ ਗਿਆ ਹੈ। ਟਾਈਮ ਵਾਲੀਆਂ ਘੜੀਆਂ, ਪੰਜਾਬ ਦਾ ਨਕਸ਼ਾ ਅਤੇ ਗਣਿਤ ਵਿੱਚ ਜੋ ਕਲਾਕਿਰਤੀਆਂ ਹੁੰਦੀਆਂ ਹਨ, ਉਨ੍ਹਾਂ ਰਾਹੀਂ ਵੀ ਪੰਜਾਬੀ ਗੁਰਮੁਖੀ ਭਾਸ਼ਾ ਨੂੰ ਦਿਖਾਇਆ ਗਿਆ ਹੈ।


ਦੱਸਦੇ ਹੀਏ ਕਿ ਪੰਜਾਬੀ ਮਾਂ-ਬੋਲੀ ਦਾ ਪਿਛਲੇ ਲੰਬੇ ਸਮੇਂ ਤੋਂ ਪ੍ਰਚਾਰ ਕਰ ਰਹੇ ਨੌਜਵਾਨ ਤੇਜਿੰਦਰ ਸਿੰਘ ਵੱਲੋਂ ਜਿੱਥੇ ਵੱਖ-ਵੱਖ ਸੂਬਿਆਂ ਦੇ ਵਿੱਚ ਸਾਈਕਲ ਯਾਤਰਾ ਕਰਕੇ ਪੰਜਾਬੀ ਮਾਂ-ਬੋਲੀ ਦਾ ਪ੍ਰਚਾਰ ਕੀਤਾ ਗਿਆ। ਉੱਥੇ ਨੌਜਵਾਨ ਵੱਲੋਂ ਲੱਕੜ ਦੀਆਂ ਫੱਟੀਆਂ ਤਿਆਰ ਕਰਕੇ ਗੁਰਮੁਖੀ ਲਿਖਣ ਦੇ ਲਈ ਸਕੂਲਾਂ ਦੇ ਵਿੱਚ ਭੇਜੀਆਂ ਜਾ ਰਹੀਆਂ ਹਨ। ਇਸ ਨੌਜਵਾਨ ਦਾ ਸੁਪਨਾ ਹੈ ਕਿ ਸਕੂਲਾਂ ਦੇ ਵਿੱਚ ਮੁੜ ਤੋਂ ਲੱਕੜ ਦੀਆਂ ਫੱਟੀਆਂ ’ਤੇ ਗੁਰਮੁਖੀ ਲਿਖਣ ਦਾ ਰੁਝਾਨ ਬੱਚਿਆਂ ਦੇ ਵਿੱਚ ਪੈਦਾ ਹੋਵੇ।

“ਅੰਬਰ ਦਾ ਬੁਹਾ ਖੋਲ ਕੇ ਦੇਖਾਂਗਾ, ਰੱਬ ਦੇ ਨਾਲ ਲੱਗਾ ਕਰਕੇ ਦੇਖਾਂਗਾ!”

ਇਨ੍ਹਾਂ ਸਤਰਾਂ ਦੇ ਅਧਾਰ ’ਤੇ ਅਸੀਂ ਹਰ ਸਾਲ ਪੰਜਾਬੀ ਮਾਤ ਭਾਸ਼ਾ ਦੇ ਪ੍ਰਚਾਰ ਦੇ ਪ੍ਰਸਾਰ ਲਈ ਪਿਛਲੇ 15–20 ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਹਨ। ਜਿਸ ਵਿੱਚ ਸਾਡੀ ਹਰ ਸਾਲ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਇੱਕ ਸਾਈਕਲ ਯਾਤਰਾ ਕਰੀਏ। ਜਿਸ ਵਿੱਚ ਰਾਹਤੇ ਵਿੱਚ ਜਿੰਨੇ ਵੀ ਜ਼ਿਲ੍ਹੇ ਆਉਂਦੇ ਹਨ, ਉਨ੍ਹਾਂ ਦੇ ਪਿੰਡਾਂ ਦੀਆਂ ਸੰਥਾਂ ਵਿੱਚ ਰੁਕ ਕੇ ਸੋਹਣੀ ਪੰਜਾਬੀ ਅਤੇ ਸ਼ੁੱਧ ਲਿਖਾਈ ਦੀਆਂ ਜਮਾਤਾਂ ਲਾਉਂਦੇ ਹਾਂ। ਜਿਸ ਵਿੱਚ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਪੰਜਾਬੀ ਭਾਸ਼ਾ ਦਾ ਪ੍ਰਚਾਰ ਕਰ ਸਕੀਏ।

ਤੇਜਿੰਦਰ ਸਿੰਘ, ਭਾਸ਼ਾ ਪ੍ਰੇਮੀ

ਪੰਜਾਬੀ ਵਿਆਕਰਨ ਦੀ ਮੁੱਢਲੀ ਜਾਣਕਾਰੀ

ਇਸ ਦੇ ਨਾਲ ਹੀ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੰਜਾਬੀ ਵਿਆਕਰਨ ਦੀ ਮੁੱਢਲੀ ਜਾਣਕਾਰੀ ਨੂੰ ਵੀ ਬੱਚਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਤੋਂ ਇਲਾਵਾਂ ਉਨ੍ਹਾਂ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਦੀ ਸੋਹਣੀ ਲਿਖਾਈ ਉੱਤੇ ਕਈ ਥਾਵਾਂ ਉੱਤੇ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਪੰਜਾਬੀ ਭਾਸ਼ਾ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਤਹਿਤ ਸਕੂਲਾਂ ਵਿੱਚ ਅਤੇ ਖਾਸ ਕਰਕੇ ਜੋ ਵੱਡਾ ਸਮਾਜ ਹੈ, ਜਿਵੇਂ ਕਿ ਬੱਚਿਆਂ ਦੇ ਮਾਪਿਆਂ ਤੱਕ ਪੰਜਾਬੀ ਭਾਸ਼ਾ ਦੀਆਂ ਵੱਖ-ਵੱਖ ਕਲਾਕਿਰਤੀਆਂ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਹਨ।

ਪੰਜਾਬ ਦਾ ਮੈਪ ਅਤੇ ਫੱਟੀ (ETV Bharat)
ਪੰਜਾਬੀ ਭਾਸ਼ਾ ਵਿੱਚ ਪੰਜਾਬ ਦਾ ਮੈਪ ਕੀਤਾ ਤਿਆਰ

ਤੇਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੰਜਾਬ ਦਾ ਮੈਪ ਵੀ ਤਿਆਰ ਕੀਤਾ ਗਿਆ ਹੈ, ਜਿਸ ਨਾਲ ਬੱਚਿਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਪਤਾ ਲੱਗੇ ਕਿ ਮਾਨਸਾ ਜ਼ਿਲ੍ਹੇ ਨਾਲ ਨਾਲ ਹੋਰ ਕਿਹੜੇ-ਕਿਹੜੇ ਜ਼ਿਲ੍ਹੇ ਲੱਗਦੇ ਹਨ। ਬੱਚਿਆਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦੇ ਗੁਆਂਢੀ ਜ਼ਿਲ੍ਹੇ ਕਿੰਨੇ ਹਨ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਇਹੋ ਜਿਹੀਆਂ ਉਲਝਣਾਂ ਤਿਆਰ ਕੀਤੀਆਂ ਹਨ, ਜਿਸ ਵਿੱਚ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੇ ਅੱਖਰ, ਜਿਵੇਂ ਜ ਅਤੇ ਝ, ਞ ਅਤੇ ਣ, ਡ ਅਤੇ ਢ ਵਿੱਚ ਫਰਕ ਪਤਾ ਲੱਗ ਸਕੇ।

ਉਨ੍ਹਾਂ ਨੇ ਦੱਸਿਆ ਕਿ ਉਹ ਜਦੋਂ ਸਕੂਲਾਂ ਵਿੱਚ ਜਾਂਦੇ ਹਨ, ਉੱਥੇ ਬੱਚੇ ਸਿਹਾਰੀ (ਿ) ਅਤੇ ਬਿਹਾਰੀ (ੀ) ਦੀ ਮਾਤਰਾ ਨੂੰ ਹਿੰਦੀ ਭਾਸ਼ਾ ਵਿੱਚ ਛੋਟੀ ਈ ਅਤੇ ਵੱਡੀ ਈ ਦੀ ਮਾਤਰਾ ਹੀ ਦੱਸਦੇ ਹਨ। ਜਿਸ ਤਹਿਤ ਉਨ੍ਹਾਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਬੱਚਿਆਂ ਨੂੰ ਮੁੱਢਲਾ ਗਿਆਨ ਦੇ ਸਕੀਏ।

ਸਾਈਕਲ ਯਾਤਰਾ ਕੀਤੀ ਸ਼ੁਰੂ

ਗੁਰਮੁਖੀ ਪੰਜਾਬੀ ਮਾਂ-ਬੋਲੀ ਨੂੰ ਪਿਆਰ ਕਰਨ ਵਾਲੇ ਨੌਜਵਾਨ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਾਈਕਲ ਯਾਤਰਾ ਦੀ ਸ਼ੁਰੂਆਤ ਆਪਣੇ ਜ਼ਿਲ੍ਹੇ ਦੇ ਨੇੜਲੇ ਪਿੰਡਾਂ ਤੋਂ ਕੀਤੀ। ਪਿੰਡਾਂ ਵਿੱਚ ਪਹੁੰਚ ਕੇ ਉਨ੍ਹਾਂ ਨੇ ਪੰਜਾਬ ਮਾਤ ਭਾਸ਼ਾ ਦਾ ਪ੍ਰਚਾਰ ਕੀਤਾ, ਜਿੱਥੇ ਉਨ੍ਹਾਂ ਨੂੰ ਲੋਕਾਂ ਦਾ ਬਹੁਤ ਸਾਰਾ ਪਿਆਰ ਅਤੇ ਸਹਿਯੋਗ ਮਿਲਿਆ। ਉਸ ਤੋਂ ਬਾਅਦ ਉਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਇੱਕ ਅਜਿਹੀ ਯਾਤਰਾ ਕੀਤੀ ਜਾਵੇ, ਜਿਸ ਨਾਲ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਅਤੇ ਇਲਾਕੇ ਤੱਕ ਪਹੁੰਚਿਆ ਜਾ ਸਕੇ।

“ਸਭ ਤੋਂ ਪਹਿਲਾਂ ਉਨ੍ਹਾਂ ਨੇ ਮਾਨਸਾ ਜ਼ਿਲ੍ਹੇ ਤੋਂ ਸਾਈਕਲ ਯਾਤਰਾ ਸ਼ੁਰੂ ਕਰਕੇ ਸਰਦੂਲਗੜ੍ਹ, ਬਠਿੰਡਾ, ਗਿੱਦੜਬਾਹਾ, ਮਲੋਟ, ਸੰਗਰੂਰ ਅਤੇ ਪੂਰਾ ਮਾਲਵਾ ਖੇਤਰ ਕਵਰ ਕੀਤਾ। ਫਿਰ ਮਾਲਵੇ ਵਿੱਚੋਂ ਦੀ ਹੁੰਦੇ ਹੋਏ ਦੁਆਬੇ ਤੱਕ ਪਹੁੰਚ ਕੀਤੀ। ਦੁਆਬੇ ਤੋਂ ਮਾਝੇ ਖੇਤਰ ਅਤੇ ਫਿਰ ਮਾਝੇ ਤੋਂ ਪੁਆਧ ਖੇਤਰ ਵਿੱਚ ਪਹੁੰਚ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਪੰਜਾਬ ਮਾਤ ਭਾਸ਼ਾ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ। ਹਰ ਇੱਕ ਜਗ੍ਹਾ ਉੱਤੇ ਪਹੁੰਚ ਕੇ ਪੰਜਾਬ ਮਾਤ ਭਾਸ਼ਾ ਦੀਆਂ ਜਮਾਤਾਂ ਲਗਾਈਆਂ। ਉਨ੍ਹਾਂ ਨੇ ਦੱਸਿਆ ਕਿ ਜਿੱਥੇ ਕਿਤੇ ਵੀ ਉਨ੍ਹਾਂ ਨੂੰ ਰਾਤ ਹੋ ਜਾਂਦੀ ਸੀ, ਤਾਂ ਉਸ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਉਹ ਉੱਥੇ ਆਪਣੀ ਰਾਤ ਗੁਜਾਰਦੇ।”

ਤੇਜਿੰਦਰ ਸਿੰਘ, ਭਾਸ਼ਾ ਪ੍ਰੇਮੀ

ਸਰਕਾਰਾਂ, ਭਾਸ਼ਾ ਵਿਭਾਗ ਅਤੇ ਸ਼੍ਰੋਮਣੀ ਕਮੇਟੀ ਤੋਂ ਸ਼ਿਕਵਾ

ਉੱਥੇ ਹੀ ਨੌਜਵਾਨ ਤੇਜਿੰਦਰ ਸਿੰਘ ਦਾ ਸਮੇਂ ਦੀਆਂ ਸਰਕਾਰਾਂ, ਭਾਸ਼ਾ ਵਿਭਾਗ ਅਤੇ ਸ਼੍ਰੋਮਣੀ ਕਮੇਟੀ ਉੱਤੇ ਵੀ ਸ਼ਿਕਵਾ ਹੈ। ਜਿਸ ਨੂੰ ਲੈ ਕੇ ਉਸ ਨੇ ਕਿਹਾ ਕਿ ਉਸ ਵੱਲੋਂ ਲਗਾਤਾਰ ਪੰਜਾਬੀ ਦਾ ਪ੍ਰਚਾਰ-ਪ੍ਰਸਾਰ ਕੀਤਾ ਜਾ ਰਿਹਾ ਹੈ, ਪਰ ਉਨ੍ਹਾਂ ਵੱਲੋਂ ਕਦੇ ਵੀ ਉਨ੍ਹਾਂ ਦਾ ਕੋਈ ਸਨਮਾਨ ਨਹੀਂ ਕੀਤਾ ਗਿਆ। ਬੇਸ਼ੱਕ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਸੰਸਥਾਵਾਂ ਅਤੇ ਕਲੱਬਾਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ, ਪਰ ਉਨ੍ਹਾਂ ਨੇ ਕਿਹਾ ਕਿ ਗੁਰਮੁਖੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ, ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਲਿਖਤ ਗੁਰਮੁਖੀ ਲਿਪੀ ਵਿੱਚ ਕੀਤੀ ਹੋਈ ਹੈ। ਇਸ ਦੇ ਨਾਲ ਹੀ ਇਹ ਜ਼ਿੰਮੇਵਾਰੀ ਭਾਸ਼ਾ ਵਿਭਾਗ ਅਤੇ ਪੰਜਾਬ ਸਰਕਾਰ ਦੀ ਵੀ ਬਣਦੀ ਹੈ।

“ਜੇਕਰ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਫਰਮਾਨ ਜਾਰੀ ਕੀਤਾ ਜਾਂਦਾ ਹੈ, ਤਾਂ ਉਹ ਫਿਰ ਜ਼ਮੀਨੀ ਪੱਧਰ ਉੱਤੇ ਲਾਗੂ ਨਹੀਂ ਹੁੰਦਾ। ਉਹ ਫਿਰ ਹਵਾਈ ਹੀ ਰਹਿ ਜਾਂਦਾ ਹੈ। ਅਸਲ ਵਿੱਚ ਜਦੋਂ ਅਸੀਂ ਜ਼ਮੀਨੀ ਪੱਧਰ ਉੱਤੇ ਕੋਈ ਕਾਰਜ ਕਰਦੇ ਹਾਂ, ਤਾਂ ਉਹ ਲੋਕਾਂ ਦੇ ਸਾਹਮਣੇ ਆਉਂਦਾ ਹੈ। ਸਾਡੇ ਕੁਝ ਪਰਿਵਾਰ ਵੀ ਅਜਿਹੇ ਹਨ, ਉਹ ਵੀ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਬੁਲਬੁਲਾ ਸ਼ਬਦ ਬਿਲਕੁਲ ਖਤਮ ਹੋ ਗਿਆ ਹੈ। ਉਸ ਦੀ ਜਗ੍ਹਾ ਬੱਚੇ ਉਸ ਨੂੰ ਗੁਬਾਰਾ ਅਤੇ ਬੇਲੂਨਜ਼ ਕਹਿਣ ਲੱਗੇ ਹਨ। ਇਸ ਕਾਰਨ ਹੀ ਉਹ ਇਹ ਕੋਸ਼ਿਸ਼ ਕਰ ਰਹੇ ਹਨ ਕਿ ਭਾਸ਼ਾ ਨੂੰ ਪ੍ਰਚਾਰ ਕਰਨ ਦਾ ਕਾਰਜ ਜ਼ਮੀਨੀ ਪੱਧਰ ਉੱਤੇ ਹੋਵੇ।”

ਤੇਜਿੰਦਰ ਸਿੰਘ, ਭਾਸ਼ਾ ਪ੍ਰੇਮੀ

ਫੱਟੀਆਂ ਸਕੂਲਾਂ ਤੱਕ ਪਹੁੰਚਣ ਦੀ ਕੋਸ਼ਿਸ਼

ਤੇਜਿੰਦਰ ਸਿੰਘ ਨੇ ਕਿਹਾ ਕਿ, “ਉਹ ਜਦੋਂ ਬੱਚਿਆਂ ਨੂੰ ਸੋਹਣੀ ਲਿਖਾਈ ਸਿਖਾਉਣ ਜਾਂਦੇ ਹਨ, ਤਾਂ ਉਸ ਵਿੱਚ ਉਹ ਅੰਬ ਦੀ ਲੱਕੜ ਦੀ ਬਣੀ ਫੱਟੀ ਦੀ ਵਰਤੋਂ ਕਰਦੇ ਹਨ। ਉੱਪਰ ਜਦੋਂ ਕਲਮ ਨਾਲ ਲਿਖਾਈ ਹੁੰਦੀ ਹੈ, ਤਾਂ ਉਸ ਲਿਖਾਈ ਦੀ ਸੁੰਦਰਤਾ ਹੋਰ ਵੀ ਵਧ ਜਾਂਦੀ ਹੈ। ਕਿਹਾ ਕਿ ਸਾਡੇ ਪੁਰਖਿਆਂ ਵੱਲੋਂ ਵੀ ਇਸ ਅੰਬ ਦੀ ਫੱਟੀ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਜੇਕਰ ਉਹ ਕੁਝ ਚੰਗਾ ਕਰਨਾ ਚਾਹੁੰਦੇ ਹਨ, ਤਾਂ ਇਸ ਤਰ੍ਹਾਂ ਦੀਆਂ ਫੱਟੀਆਂ ਉਹ ਸਕੂਲਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ। ਜਿਸ ਨਾਲ ਬੱਚੇ ਪੰਜਾਬੀ ਦੀ ਸੋਹਣੀ ਲਿਖਾਈ ਪ੍ਰਤੀ ਹੋਰ ਉਤਸ਼ਾਹਿਤ ਹੋਣ।”

ਪੰਜਾਬੀ ਗੁਰਮੁਖੀ ਭਾਸ਼ਾ ਹੋਰ ਹੀ ਅਲੋਪ

ਸਕੂਲਾਂ-ਕਾਲਜਾਂ ਵਿੱਚ ਜ਼ਿਆਦਾਤਰ ਡਿਗਰੀਆਂ ਦੀ ਭਾਸ਼ਾ ਸ਼ੈਲੀ ਇੰਗਲਿਸ਼ ਹੋਣ ਕਾਰਨ ਸਾਡੀ ਮਾਂ-ਬੋਲੀ ਨੂੰ ਪਿੱਛੇ ਧੱਕ ਕੇ ਪੱਛਮੀ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਪੰਜਾਬ ਵਿੱਚੋਂ ਪੰਜਾਬੀ ਸਭਿਆਚਾਰ ਨੂੰ ਖਤਮ ਕਰ ਦਿੱਤਾ ਜਾ ਰਿਹਾ ਹੈ। ਇਹ ਸਾਨੂੰ ਕਿਤੇ ਨਾ ਕਿਤੇ ਆਰਥਕ, ਸਰੀਰਕ ਸੁੰਦਰਤਾ ਅਤੇ ਕੁਝ ਹੱਦ ਤਕ ਪ੍ਰਭਾਵਸ਼ਾਲੀ ਦਿੱਖ ਵਾਲਾ ਤਾਂ ਜ਼ਰੂਰ ਬਣਾਉਂਦਾ ਹੈ, ਪਰ ਸਾਡੀ ਆਤਮਾ ਨੂੰ ਮੂਲ ਨਾਲੋਂ ਤੋੜ ਕੇ ਪਤਨ ਵੱਲ ਲੈ ਕੇ ਜਾ ਰਿਹਾ ਹੈ। ਕਿਉਂਕਿ ਇਸ ਤਰ੍ਹਾਂ ਸਾਡੀ ਨਿਪੁੰਨਤਾ ਨਾਂ ਤਾਂ ਆਪਣੀ ਭਾਸ਼ਾ ਵਿੱਚ ਹੋ ਪਾਉਂਦੀ ਹੈ ਅਤੇ ਨਾ ਹੀ ਕਿਸੇ ਦੂਜੀ ਭਾਸ਼ਾ ਵਿੱਚ।

ਅਸੀਂ ਆਪਣੇ ਬੋਲ-ਚਾਲ ਵਿੱਚ ਦੂਜੀਆਂ ਬੋਲੀਆਂ ਦਾ ਜ਼ਿਕਰ ਕਰਕੇ ਸੁਣਨ ਵਾਲੇ ਨੂੰ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਨਤੀਜੇ ਵਜੋਂ ਅਸੀਂ ਅਸਫਲ ਹੋ ਜਾਂਦੇ ਹਾਂ ਕਿਉਂਕਿ ਇਹ ਜ਼ਰੂਰੀ ਤਾ ਨਹੀਂ ਕਿ ਸੁਣਨ ਵਾਲਾ ਵੀ ਉਨ੍ਹਾਂ ਸਾਰੀਆਂ ਭਾਸ਼ਾਵਾਂ ਤੋਂ ਜਾਣੂ ਹੋਵੇ ਜਾਂ ਉਸ ਦੀ ਮੂਹਾਰ ਤਰਖਦਾਹੋਵੇ। ਇਸ ਕਾਰਨ ਅਸੀਂ ਆਪਣੇ ਵੱਲੋਂ ਕਹੀ ਜਾ ਰਹੀ ਗੱਲ ਨੂੰ ਪੇਸ਼ ਕਰਨ ਵਿੱਚ ਅਸਫਲ ਰਹਿੰਦੇ ਹਾਂ ਜਾਂ ਅਧੂਰੇ ਰੂਪ ਵਿੱਚ ਗੱਲਬਾਤ ਕਰਨ ਵਾਲੇ-ਦੁਆਲੇ ਵਿੱਚ ਢੀਠ ਜਾ ਹਾਰੇ ਹੋਏ ਬਣਦੇ ਹਾਂ ਅਤੇ ਨਿਰਾਸ਼ ਹੋ ਕੇ ਬੈਠ ਜਾਂਦੇ ਹਾਂ।

ਜਿਸ ਦੇ ਚੱਲਦਿਆਂ ਮਾਨਸਾ ਦੇ ਇਸ ਨੌਜਵਾਨ ਤੇ ਜਿੰਦਰ ਸਿੰਘ ਨੇ ਮਾਂ-ਬੋਲੀ ਭਾਸ਼ਾ ਨੂੰ ਬਚਾਉਣ ਲਈ ਇਹ ਕਦਮ ਚੁੱਕਿਆ ਹੈ।

ਕੁਝ ਹੋਰ ਮਹੱਤਵਪੂਰਨ